ਰਾਜ ਮੰਤਰੀ ਰਵਨੀਤ ਸਿੰਘ ਬਿੱਟੂ ਨੇ ਪੰਜਾਬ ਵਿੱਚ ਝੋਨੇ ,ਅਨਾਜ ਦੀ ਖਰੀਦ ਅਤੇ ਗਤੀਵਿਧੀ ਦੀ ਸਮੀਖਿਆ ਕਰਨ ਲਈ ਚੰਡੀਗੜ੍ਹ ਵਿੱਚ ਐੱਫਸੀਆਈ ਅਧਿਕਾਰੀਆਂ ਨਾਲ ਮੀਟਿੰਗ ਕੀਤੀ
ਕੇਂਦਰੀ ਫੂਡ ਪ੍ਰੋਸੈਸਿੰਗ ਉਦਯੋਗ ਅਤੇ ਰੇਲਵੇ ਰਾਜ ਮੰਤਰੀ ਰਵਨੀਤ ਸਿੰਘ ਬਿੱਟੂ ਨੇ ਪੰਜਾਬ ਵਿੱਚ ਝੋਨੇ ,ਅਨਾਜ ਦੀ ਖਰੀਦ ਅਤੇ ਗਤੀਵਿਧੀ ਦੀ ਸਮੀਖਿਆ ਕਰਨ ਲਈ ਚੰਡੀਗੜ੍ਹ ਵਿੱਚ ਐੱਫਸੀਆਈ ਅਧਿਕਾਰੀਆਂ ਨਾਲ ਮੀਟਿੰਗ ਕੀਤੀ
ਝੋਨੇ ਦੀ ਖਰੀਦ ਅਤੇ ਕਿਸਾਨਾਂ ਦੀ ਭਲਾਈ ਲਈ ਵਿਆਪਕ ਸਹਾਇਤਾ ਦਾ ਯਕੀਨੀ ਦਿਵਾਇਆ
“ਪੰਜਾਬ ਦੀ ਅਨਾਜ ਪੈਦਾਵਾਰ ਨੂੰ ਲਿਜਾਣ ਲਈ ਠੋਸ ਉਪਰਾਲੇ ਜਾਰੀ ਹਨ”। ਭਾਰਤ ਸਰਕਾਰ ਨੇ ਰਾਜ ਵਿੱਚ 31 ਲੱਖ ਮੀਟ੍ਰਿਕ ਟਨ ਨਵੀਂ ਸਟੋਰੇਜ ਸਮਰੱਥਾ ਬਣਾਉਣ ਦੀ ਪ੍ਰਵਾਨਗੀ ਦੇ ਦਿੱਤੀ
“ਝੋਨੇ ਅਤੇ ਕਣਕ ਲਈ ਸਟੋਰੇਜ ਦੀ ਅਲਾਟਮੈਂਟ ਪਹਿਲਾਂ ਵੱਖਰੇ ਤੌਰ ‘ਤੇ ਕੀਤੀ ਜਾਂਦੀ ਸੀ, ਹੁਣ ਕਣਕ ਦੀ ਬਜਾਏ ਜਿੱਥੇ ਵੀ ਲੋੜ ਹੋਵੇ, ਝੋਨਾ ਸਟੋਰ ਕਰਨ ਦੀ ਇਜਾਜ਼ਤ ਦਿੱਤੀ ਗਈ ਹੈ”
ਪੀਈਜੀ ਸਕੀਮ ਤਹਿਤ 39 ਲੱਖ ਮੀਟ੍ਰਿਕ ਟਨ ਕਵਰਡ ਸਟੋਰੇਜ ਸਪੇਸ ਕਿਰਾਏ ‘ਤੇ ਲਈ ਜਾਵੇਗੀ। ਮੰਤਰਾਲੇ ਵੱਲੋਂ ਇਸ ਦੀ ਮਨਜ਼ੂਰੀ ਪਹਿਲਾਂ ਹੀ ਦਿੱਤੀ ਜਾ ਚੁੱਕੀ ਹੈ
ਅਕਤੂਬਰ 2024 ਦੇ ਅੰਤ ਤੱਕ ਲਗਭਗ 40 ਲੱਖ ਮੀਟ੍ਰਿਕ ਟਨ ਸਪੇਸ ਬਣਾਈ ਜਾਵੇਗੀ ਅਤੇ ਆਉਣ ਵਾਲੇ ਕੇਐੱਮਐੱਸ 24-25 ਲਈ ਮਾਰਚ 2025 ਤੱਕ ਲਗਭਗ 90 ਲੱਖ ਮੀਟ੍ਰਿਕ ਟਨ ਸਪੇਸ ਬਣਾਈ ਜਾਵੇਗੀ
ਪਿਛਲੇ 6 ਮਹੀਨਿਆਂ ਵਿੱਚ ਸਟੋਰੇਜ ਸਪੇਸ ਦੀ ਲੋੜ ਨੂੰ ਪੂਰਾ ਕਰਨ ਲਈ ਪੰਜਾਬ ਖੇਤਰ ਤੋਂ ਅਨਾਜ ਦੇ ਲਗਭਗ 2684 ਰੈਕ ਭੇਜੇ ਗਏ ਹਨ
ਪੰਜਾਬ ਵਿੱਚ ਅਨਾਜ ਭੰਡਾਰਨ ਦੀ ਕੁੱਲ ਸਮਰੱਥਾ 174 ਐੱਲਐੱਮਟੀ ਹੈ
ਚੰਡੀਗੜ੍ਹ, 27 ਅਕਤੂਬਰ, 2024
ਕੇਂਦਰੀ ਫੂਡ ਪ੍ਰੋਸੈਸਿੰਗ ਉਦਯੋਗ ਅਤੇ ਰੇਲਵੇ ਰਾਜ ਮੰਤਰੀ ਸ਼੍ਰੀ ਰਵਨੀਤ ਸਿੰਘ ਬਿੱਟੂ ਨੇ ਅੱਜ, 27 ਅਕਤੂਬਰ, 2024 ਨੂੰ ਚੰਡੀਗੜ੍ਹ ਵਿੱਚ ਭਾਰਤੀ ਖੁਰਾਕ ਨਿਗਮ (ਐੱਫਸੀਆਈ) ਦੇ ਅਧਿਕਾਰੀਆਂ ਨਾਲ ਪੰਜਾਬ ਰਾਜ ਵਿੱਚ ਅਨਾਜ ਦੀ ਆਵਾਜਾਈ ਅਤੇ ਖਰੀਦ ਦੀ ਸਮੀਖਿਆ ਕਰਨ ਲਈ ਇੱਕ ਉੱਚ ਪੱਧਰੀ ਮੀਟਿੰਗ ਕੀਤੀ। 2024-25 ਲਈ ਸਾਉਣੀ ਦੇ ਮੰਡੀਕਰਨ ਸੀਜ਼ਨ ਅਤੇ ਪੰਜਾਬ ਵਿੱਚ ਝੋਨੇ ਦੀ ਖਰੀਦ, ਪ੍ਰਬੰਧਨ ਅਤੇ ਸਟੋਰੇਜ ਨੂੰ ਲੈ ਕੇ ਚੱਲ ਰਹੀਆਂ ਚਿੰਤਾਵਾਂ ਦੇ ਮੱਦੇਨਜ਼ਰ ਆਯੋਜਿਤ, ਇਹ ਮੀਟਿੰਗ ਪੰਜਾਬ ਦੇ ਖੇਤੀਬਾੜੀ ਸੈਕਟਰ ਨੂੰ ਸਮਰਥਨ ਦੇਣ ਅਤੇ ਕਿਸਾਨਾਂ ਦੀ ਭਲਾਈ ਨੂੰ ਯਕੀਨੀ ਬਣਾਉਣ ਲਈ ਭਾਰਤ ਸਰਕਾਰ ਦੀ ਵਚਨਬੱਧਤਾ ਦਾ ਹਿੱਸਾ ਹੈ।
ਮੀਟਿੰਗ ਵਿੱਚ ਪੰਜਾਬ ਐੱਫਸੀਆਈ ਦੇ ਜਨਰਲ ਮੈਨੇਜਰ ਸ੍ਰੀ ਬੀ. ਸ੍ਰੀਨਿਵਾਸਨ ਅਤੇ ਐੱਫਸੀਆਈ ਦੇ ਹੋਰ ਸੀਨੀਅਰ ਅਧਿਕਾਰੀ ਹਾਜ਼ਰ ਸਨ, ਜਿਨ੍ਹਾਂ ਨੇ ਮੰਤਰੀ ਨੂੰ ਝੋਨੇ ਦੀ ਖਰੀਦ ਅਤੇ ਸਟੋਰੇਜ ਦੀ ਮੌਜੂਦਾ ਸਥਿਤੀ ਬਾਰੇ ਜਾਣਕਾਰੀ ਦਿੱਤੀ। ਉਨ੍ਹਾਂ ਦੱਸਿਆ ਕਿ ਪੰਜਾਬ ਵਿੱਚ ਇਸ ਸੀਜ਼ਨ ਵਿੱਚ ਝੋਨੇ ਦੀ ਪੈਦਾਵਾਰ 186 ਲੱਖ ਮੀਟ੍ਰਿਕ ਟਨ (ਐੱਲਐੱਮਟੀ) ਤੱਕ ਪਹੁੰਚਣ ਦਾ ਅਨੁਮਾਨ ਹੈ, ਜਿਸ ਵਿੱਚ ਲਗਭਗ 49.88 ਲੱਖ ਮੀਟਰਕ ਟਨ ਦੀ ਖਰੀਦ ਕੀਤੀ ਜਾ ਚੁੱਕੀ ਹੈ। ਇਹ ਦੱਸਿਆ ਗਿਆ ਕਿ ਪੰਜਾਬ ਰਾਜ ਨੂੰ ਵਰਤਮਾਨ ਵਿੱਚ 174 ਐੱਲਐੱਮਟੀ ਦੀ ਮਜਬੂਤ ਕੁੱਲ ਸਟੋਰੇਜ ਸਮਰੱਥਾ ਦਾ ਲਾਭ ਮਿਲ ਰਿਹਾ ਹੈ, ਇਸ ਸਮੇਂ ਪੰਜਾਬ ਵਿੱਚ 116.20 ਲੱਖ ਮੀਟਰਕ ਟਨ ਚੌਲ ਅਤੇ 58.07 ਲੱਖ ਮੀਟਰਕ ਟਨ ਕਣਕ ਯਾਨੀ ਕੁੱਲ 174.27 ਲੱਖ ਮੀਟਰਕ ਟਨ ਭੰਡਾਰ ਹੈ।
ਮੀਟਿੰਗ ਤੋਂ ਬਾਅਦ ਮੀਡੀਆ ਨੂੰ ਜਾਣਕਾਰੀ ਦਿੰਦੇ ਹੋਏ ਮੰਤਰੀ ਨੇ ਦੱਸਿਆ ਕਿ ਅਪ੍ਰੈਲ ਤੋਂ ਹੁਣ ਤਕ ਅਕਤੂਬਰ ਤੱਕ ਪੰਜਾਬ ਤੋਂ 95.16 ਲੱਖ ਮੀਟਰਕ ਟਨ ਝੋਨਾ ਅਤੇ ਕਣਕ 2,684 ਸਮਰਪਿਤ ਰੇਕਾਂ ਰਾਹੀਂ ਲਿਜਾਇਆ ਗਿਆ, ਜਿਸ ਨਾਲ ਰਾਜ ਵਿੱਚ ਵਾਧੂ ਸਟੋਰੇਜ ਸਮਰੱਥਾ ਖਾਲੀ ਹੋ ਗਈ ਹੈ।
ਮੰਤਰੀ ਨੇ ਕਿਹਾ ਕਿ ਭਾਰਤ ਸਰਕਾਰ ਨੇ ਰਾਜ ਵਿੱਚ 31 ਲੱਖ ਮੀਟ੍ਰਿਕ ਟਨ ਨਵੀਂ ਸਟੋਰੇਜ ਸਮਰੱਥਾ ਬਣਾਉਣ ਦੀ ਪ੍ਰਵਾਨਗੀ ਦੇ ਦਿੱਤੀ ਹੈ। ਉਨ੍ਹਾਂ ਦੱਸਿਆ ਕਿ ਇਸ ਵਿੱਚੋਂ 9 ਲੱਖ ਮੀਟ੍ਰਿਕ ਟਨ ਸਮਰੱਥਾ ਨੂੰ ਪਿਛਲੇ ਸਾਲ ਮਨਜ਼ੂਰ ਕੀਤਾ ਗਿਆ ਸੀ ਅਤੇ ਇਸ ਦੇ ਟੈਂਡਰ ਨੂੰ ਰਾਜ ਸਰਕਾਰ ਵੱਲੋਂ ਅੰਤਿਮ ਰੂਪ ਦਿੱਤਾ ਜਾਣਾ ਬਾਕੀ ਹੈ ਅਤੇ 22 ਲੱਖ ਮੀਟ੍ਰਿਕ ਟਨ ਸਮਰੱਥਾ ਨੂੰ ਪਿਛਲੇ ਹਫ਼ਤੇ ਮਨਜ਼ੂਰੀ ਦਿੱਤੀ ਗਈ ਸੀ। ਮੰਤਰੀ ਨੇ ਦੱਸਿਆ ਕਿ ਚੌਲਾਂ ਦੀ ਨਿਰਵਿਘਨ ਖਰੀਦ ਲਈ, ਐੱਫਸੀਆਈ ਕੋਲ ਇਸ ਸਮੇਂ ਲਗਭਗ 15 ਲੱਖ ਮੀਟਰਕ ਟਨ ਖਾਲੀ ਜਗ੍ਹਾ ਹੈ ਅਤੇ ਦਸੰਬਰ 2024 ਤੱਕ ਲਗਭਗ 40 ਲੱਖ ਮੀਟਰਕ ਟਨ ਜਗ੍ਹਾ ਬਣਾਈ ਜਾਣੀ ਹੈ ਅਤੇ ਮਾਰਚ 2025 ਤੱਕ 90 ਲੱਖ ਮੀਟਰਕ ਟਨ ਜਗ੍ਹਾ ਬਣਾਈ ਜਾਵੇਗੀ।
ਕੇਂਦਰੀ ਮੰਤਰੀ ਨੇ ਕਿਹਾ ਕਿ ਪਹਿਲਾਂ ਝੋਨੇ ਅਤੇ ਕਣਕ ਲਈ ਸਟੋਰੇਜ ਦੀ ਅਲਾਟਮੈਂਟ ਵੱਖਰੇ ਤੌਰ ‘ਤੇ ਕੀਤੀ ਜਾਂਦੀ ਸੀ, ਪਰ ਇਸ ਵਾਰ ਕਣਕ ਦੀ ਥਾਂ ਝੋਨੇ ਨੂੰ ਸਟੋਰ ਕਰਨ ਦੀ ਇਜਾਜ਼ਤ ਦਿੱਤੀ ਗਈ ਹੈ। ਇਸ ਤੋਂ ਇਲਾਵਾ, ਉਨ੍ਹਾਂ ਜ਼ੋਰ ਦੇ ਕੇ ਕਿਹਾ ਕਿ 44,000 ਕਰੋੜ ਰੁਪਏ ਘੱਟੋ-ਘੱਟ ਸਮਰਥਨ ਮੁੱਲ ਦੇ ਭੁਗਤਾਨ ਲਈ ਅਲਾਟ ਕੀਤੇ ਗਏ ਹਨ ਤਾਂ ਜੋ ਇਹ ਯਕੀਨੀ ਬਣਾਇਆ ਜਾ ਸਕੇ ਕਿ ਕਿਸਾਨਾਂ ਨੂੰ ਉਨ੍ਹਾਂ ਦੀ ਉਪਜ ਦਾ ਉਚਿਤ ਅਤੇ ਸਮੇਂ ਸਿਰ ਮਿਹਨਤਾਨਾ ਮਿਲ ਸਕੇ। ਕੇਂਦਰੀ ਮੰਤਰੀ ਨੇ ਇਸ ਗੱਲ ‘ਤੇ ਜ਼ੋਰ ਦਿੱਤਾ ਕਿ ਜਿੱਥੇ ਭਾਰਤ ਸਰਕਾਰ ਨੇ ਆਪਣੀਆਂ ਵਿੱਤੀ ਜ਼ਿੰਮੇਵਾਰੀਆਂ ਪੂਰੀਆਂ ਕਰ ਲਈਆਂ ਹਨ, ਹੁਣ ਇਹ ਪੰਜਾਬ ਸਰਕਾਰ ਦੀ ਜ਼ਿੰਮੇਵਾਰੀ ਹੈ ਕਿ ਉਹ ਖਰੀਦ ਦੇ 48 ਘੰਟਿਆਂ ਦੇ ਅੰਦਰ-ਅੰਦਰ ਇਹ ਫੰਡ ਕਿਸਾਨਾਂ ਤੱਕ ਪਹੁੰਚਾਉਣ ਨੂੰ ਯਕੀਨੀ ਬਣਾਏ।
ਖੇਤੀਬਾੜੀ ਸੈਕਟਰ ਨੂੰ ਸਮਰਥਨ ਦੇਣ ਲਈ ਸਰਕਾਰ ਦੀ ਵਚਨਬੱਧਤਾ ਦੀ ਪੁਸ਼ਟੀ ਕਰਦੇ ਹੋਏ, ਮੰਤਰੀ ਨੇ ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਦੇ ਆਤਮ-ਨਿਰਭਰ ਅਤੇ ਖੁਸ਼ਹਾਲ ਖੇਤੀਬਾੜੀ ਭਾਈਚਾਰੇ ਦੇ ਵਿਜ਼ਨ ਦੀ ਗੱਲ ਕੀਤੀ। ਉਨ੍ਹਾਂ ਅੱਜ ਝੋਨੇ ਲਈ ਘੱਟੋ-ਘੱਟ ਸਮਰਥਨ ਮੁੱਲ (ਐੱਮਐੱਸਪੀ) ਵਿੱਚ 2,320 ਰੁਪਏ ਪ੍ਰਤੀ ਕੁਇੰਟਲ ਤੱਕ ਕੀਤੇ ਵਾਧੇ ਨੂੰ ਰੇਖਾਂਕਿਤ ਕੀਤਾ, ਜੋ ਕਿ ਪਿਛਲੇ ਦਹਾਕੇ ਦੌਰਾਨ ਲਗਭਗ ₹1,000 ਦੇ ਮਹੱਤਵਪੂਰਨ ਵਾਧੇ ਨੂੰ ਦਰਸਾਉਂਦਾ ਹੈ। ਇਹ ਵਾਧਾ ਕਿਸਾਨਾਂ ਦੀ ਆਮਦਨ ਵਧਾਉਣ ਅਤੇ ਖੇਤੀਬਾੜੀ ਵਿੱਚ ਟਿਕਾਊ ਵਿਕਾਸ ਨੂੰ ਉਤਸ਼ਾਹਿਤ ਕਰਨ ਲਈ ਸਰਕਾਰ ਦੇ ਸਮਰਪਣ ਨੂੰ ਉਜਾਗਰ ਕਰਦਾ ਹੈ।
ਮੰਤਰੀ ਨੇ ਨੋਟ ਕੀਤਾ ਕਿ ਹਾਲ ਹੀ ਦੀਆਂ ਗਤੀਵਿਧੀਆਂ ਵਿੱਚ, ਕੇਂਦਰੀ ਮੰਤਰੀ ਮੰਡਲ ਦੇ ਤਾਜ਼ਾ ਫੈਸਲੇ ਅਨੁਸਾਰ ਕਣਕ ਦੇ ਘੱਟੋ-ਘੱਟ ਸਮਰਥਨ ਮੁੱਲ ਵਿੱਚ ਵੀ 150 ਰੁਪਏ ਦਾ ਵਾਧਾ ਕੀਤਾ ਗਿਆ ਹੈ, ਜੋ ਕਿ ਕਿਸਾਨਾਂ ਦੀ ਭਲਾਈ ਲਈ ਸਰਕਾਰ ਦੀਆਂ ਚੱਲ ਰਹੀਆਂ ਪਹਿਲਕਦਮੀਆਂ ਵਿੱਚ ਇੱਕ ਹੋਰ ਮੀਲ ਪੱਥਰ ਹੈ। ਮੰਤਰੀ ਨੇ ਕਿਸਾਨ ਭਾਈਚਾਰੇ ਨੂੰ ਭਰੋਸਾ ਦਿਵਾਇਆ ਕਿ ਪੰਜਾਬ ਭਰ ਵਿੱਚ ਫਸਲਾਂ ਦੀ ਸੁਚੱਜੀ ਖਰੀਦ ਨੂੰ ਯਕੀਨੀ ਬਣਾਉਣ ਲਈ ਹਰ ਸੰਭਵ ਉਪਰਾਲੇ ਕੀਤੇ ਜਾ ਰਹੇ ਹਨ।
ਕੇਂਦਰੀ ਮੰਤਰੀ ਦੀ ਐੱਫਸੀਆਈ ਅਧਿਕਾਰੀਆਂ ਨਾਲ ਵਿਆਪਕ ਸਮੀਖਿਆ ਪੰਜਾਬ ਵਿੱਚ ਕਿਸਾਨਾਂ ਦੀਆਂ ਚਿੰਤਾਵਾਂ ਨੂੰ ਦੂਰ ਕਰਨ ਲਈ ਇੱਕ ਮਹੱਤਵਪੂਰਨ ਕਦਮ ਦੀ ਨਿਸ਼ਾਨਦੇਹੀ ਕਰਦੀ ਹੈ ਅਤੇ ਕਿਸਾਨਾਂ ਦੀ ਰੋਜ਼ੀ-ਰੋਟੀ ਨੂੰ ਸੁਰੱਖਿਅਤ ਕਰਨ ਅਤੇ ਰਾਜ ਦੀ ਖੇਤੀਬਾੜੀ ਆਰਥਿਕਤਾ ਨੂੰ ਮਜ਼ਬੂਤ ਕਰਨ ਵਿੱਚ ਪੰਜਾਬ ਦੀ ਖੇਤੀਬਾੜੀ ਰੀੜ੍ਹ ਦੀ ਹੱਡੀ ਲਈ ਸਰਕਾਰ ਦੇ ਅਟੁੱਟ ਸਮਰਥਨ ਦੀ ਪੁਸ਼ਟੀ ਕਰਨ ਦੀ ਕੋਸ਼ਿਸ਼ ਕਰਦੀ ਹੈ।
ਕੇਂਦਰੀ ਖਪਤਕਾਰ ਮਾਮਲੇ, ਖੁਰਾਕ ਅਤੇ ਜਨਤਕ ਵੰਡ ਮੰਤਰੀ ਸ਼੍ਰੀ ਪ੍ਰਹਿਲਾਦ ਜੋਸ਼ੀ ਨੇ ਅੱਜ ਪੰਜਾਬ ਰਾਜ ਵਿੱਚ ਝੋਨੇ ਅਤੇ ਕਸਟਮ ਮਿਲਡ ਰਾਈਸ (ਸੀਐੱਮਆਰ) ਦੀ ਖਰੀਦ ਨੂੰ ਯਕੀਨੀ ਬਣਾਉਣ ਲਈ ਭਾਰਤ ਸਰਕਾਰ ਵੱਲੋਂ ਚੁੱਕੇ ਗਏ ਉਪਾਵਾਂ ਬਾਰੇ ਇੱਕ ਪ੍ਰੈਸ ਕਾਨਫਰੰਸ ਕੀਤੀ। ਮੰਤਰੀ ਨੇ ਦੁਹਰਾਇਆ ਕਿ ਸਾਉਣੀ ਦੇ ਮੰਡੀਕਰਨ ਸੀਜ਼ਨ (ਕੇਐੱਮਐੱਸ) 2024-25 ਲਈ ਨਿਰਧਾਰਤ 185 ਲੱਖ ਮੀਟਰਕ ਟਨ ਦਾ ਟੀਚਾ ਪੂਰੀ ਤਰ੍ਹਾਂ ਨਾਲ ਖਰੀਦ ਲਿਆ ਜਾਵੇਗਾ ਅਤੇ ਝੋਨੇ ਦਾ ਇੱਕ ਦਾਣਾ ਵੀ ਛੱਡਿਆ ਨਹੀਂ ਜਾਵੇਗਾ। ਮੰਤਰੀ ਨੇ ਇਹ ਵੀ ਐਲਾਨ ਕੀਤਾ ਕਿ ਰਾਈਸ ਮਿੱਲਰਾਂ ਦੀਆਂ ਸ਼ਿਕਾਇਤਾਂ ਦੇ ਨਿਪਟਾਰੇ ਲਈ ਇੱਕ ਔਨਲਾਈਨ ਪੋਰਟਲ ਜਲਦੀ ਹੀ ਸ਼ੁਰੂ ਕੀਤਾ ਜਾਵੇਗਾ ਤਾਂ ਜੋ ਹਿੱਸੇਦਾਰਾਂ ਨੂੰ ਦਰਪੇਸ਼ ਕਿਸੇ ਵੀ ਮੁਸ਼ਕਲ ਦਾ ਤੁਰੰਤ ਹੱਲ ਕੀਤਾ ਜਾ ਸਕੇ। ਹੋਰ ਵੇਰਵੇ ਇੱਥੇ ਮਿਲ ਸਕਦੇ ਹਨ: https://pib.gov.in/PressReleasePageaspx?PRID=2068671
***
ਪੀਆਈਬੀ ਚੰਡੀਗੜ੍ਹ | ਡੀਜੇਐੱਮ/ਏਕੇ/ਰੂਸ